ਨਾਨਕਸ਼ਾਹੀ ਸੰਮਤ 539 RNI No. PUNPUN/2007/23851 Aug. 2007 ਵਿਚ ਅਸੀਂ ਪ੍ਰਿੰਟ ਮੀਡੀਏ ਰਾਹੀਂ ਆਪਣੇ ਪਹਿਲੇ ਅੰਕ ਦੇ ਪ੍ਰਕਾਸ਼ਨ ਨਾਲ ਪਾਠਕਾਂ ਦੀ ਦਹਿਲੀਜ਼ ਤੇ ਹਾਜ਼ਰੀ ਭਰੀ ਸੀ। ਛਪਾਈ ਦੇ ਬਹੁਤਾਤ ਖ਼ਰਚੇ ਬਿਨਾਂ ਇਸ਼ਤਿਹਾਰਾਂ ਤੋਂ ਝੱਲਣੇ ਔਖੇ ਹੋ ਗਏ ਤਾਂ ਤਿੰਨ ਸਾਲਾਂ ਵਿਚ ਰਸਾਲਾ ਬੰਦ ਕਰਨਾ ਪਿਆ।
ਨਿੱਜ ਅਧਾਰਿਤ ਸਰਬ ਪੱਖੀ ਸਰਬ ਵਿਆਪਤ ਧੜੇਬੰਦੀਆਂ ਦੀ ਹਨੇਰੀ ਵਿਚ ਗੁਰੂ ਗ੍ਰੰਥ ਪੰਥ ਨਾਲ ਧੜਾ ਬਣਾ ਕੇ ਨਾਨਕਸ਼ਾਹੀ ਪ੍ਰਣਾਲੀ ਅਤੇ ਸਭਿਅਤਾ ਦੇ ਪਾਂਧੀਆਂ ਨੇ ਮੁੜ ਅਕਾਲ ਤੇ ਭਰੋਸਾ ਰੱਖ ਸਿਰ ਚੁੱਕ ਲਿਆ ਹੈ । ਅਣਖ ਦੀ ਹੋਂਦ ਲਈ ਤੇ ਹੋਂਦ ਦੀ ਅਣਖ ਲਈ ਇਹ ਜ਼ਰੂਰੀ ਸੀ।
ਜਿੱਥੇ ਹਰ ਪਾਸੇ ਪੰਜਾਬੀ ਅਤੇ ਪੰਜਾਬੀਅਤ ਦੀ ਲੰਬੜਦਾਰੀ ਦੇ ਝੱਖੜ ਸਾਂ-ਸਾਂ ਕਰਦੇ ਝੂਲ ਰਹੇ ਹੋਣ, ਉੱਥੇ ਕੋਈ ਨਿਮਾਣਾ ਜਿਹਾ ਗੁਰੂ ਨਾਨਕ ਦੀ ਨਾਨਕਸ਼ਾਹੀ ਖ਼ਾਲਸਤਾਈ ਪ੍ਰਣਾਲੀ ਦੀ ਸਭਿਅਤਾ ਅਤੇ ਸਭਿਆਚਾਰ ਦਾ ਦੀਵਾ, ਗੁਰਮੁਖੀ ਦੇ ਤੇਲ ਨਾਲ ਬਾਲ ਕੇ ਬਨੇਰੇ ਤੇ ਰੱਖ ਉਸ ਨੂੰ ਬਲਦਾ ਰੱਖਣ ਲਈ ਆਪਣੀ ਦੇਹ ਨੂੰ ਚਿਮਨੀ ਬਣਾ ਖੜ ਕਾਣ ਦੀ ਜੁਰਅਤ ਕਰੇ! ਹਕੂਮਤਾਂ ਅਤੇ ਹਕੂਮਤਾਂ ਪੱਖੀ ਭਾਈਚਾਰਾ ਅਤੇ ਪੰਜਾਬੀਅਤ ਨੂੰ ਨਾਗਵਾਰ ਰਿਹਾ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਸਾਡੇ ਪ੍ਰਤਿ ਅਜਿਹੀਆਂ ਤਾਕਤਾਂ ਨੇ ਇਹ ਬਿਰਤਾਂਤ ਵੀ ਸਿਰਜਿਆ ਹੋਇਆ ਹੈ ਕਿ “ਜੇ ਤੁਸੀਂ ਬੋਲਣ ਨਿਕਲੋਗੇ; ਚਾਹੇ ਲਿਖੋਗੇ ਤੁਹਾਡੀ ਕਿਸੇ ਨੇ ਨਹੀਂ ਜੇ ਸੁਣਨੀ।” ਵਜ੍ਹਾ ਵੀ ਸਾਨੂੰ ਪਤਾ ਹੈ । ਇਹ ਪੰਥਕ ਅਤੇ ਸਰਕਾਰੀ ਹਲਕਿਆਂ ਰਾਹੀਂ ਸੰਘਰਸ਼ੀ ਅਤੇ ਸੰਘਰਸ਼ ਲਈ ਤਿਆਰ ਹੋਣ ਵਾਲੀ ਪੀੜ੍ਹੀ ਦੀ ਸਾਇਕੀ ਵਿਚ ਗੱਲ ਫਿਟ ਕਰ ਦਿੱਤੀ ਜਾਂਦੀ ਹੈ ਕਿ ‘ਇਹ ਬੰਦੇ ਠੀਕ ਹੀ ਨਹੀਂ ਭਾਈ’; ਕਿਉਂ, ਕਿਵੇਂ ਅਤੇ ਕੀ ਦੋਸ਼ ਅਤੇ ਗੁਨਾਹ ਹਨ ਇਨ੍ਹਾਂ ਦੇ “ਉਹ ਪਤਾ ਨਹੀਂ ਬਸ ਇਹ ਠੀਕ ਨਹੀਂ”। ਮਾਨਸਿਕਤਾ ਇਹ ਬਣਾ ਦਿੱਤੀ ਗਈ ਹੇ ਕਿ “ਇਹ ਸਟੈਂਪ ਤੇ ਲਿਖੀ ਗੱਲ ਹੈ ਕਿ ਇੰਨੇ ਗੱਲ ਪੁੱਠੀ ਕਰਨੀ ਹੀ ਕਰਨੀ ਹੈ ਇਸ ਲਈ ਇਸ ਦੀ ਨਹੀਂ ਸੁਣਨੀ। ਤੁਸੀਂ ਕਿਸੇ ਨਾ ਕਿਸੇ ਢੰਗ ਤਰੀਕੇ ਤੇ ਹਰਬੇ ਦਾਗ਼ੀ ਬਣਾ ਕੇ ਮਾਰ ਖਪਾਅ ਕਰ ਦਿੱਤੇ ਗਏ ਹੋ। ਇਸ ਲਈ ਤੁਸੀਂ ਸ਼ਹੀਦ ਵੀ ਹੋ ਜਾਵੋ ਤਾਂ ਵੀ ਤੁਹਾਡੀ ਕਿਸੇ ਨਹੀਂ ਮੰਨਣੀ।”
ਕਈ ਵਾਰੀ ਸੋਚਦੇ ਹਾਂ ਕਿ ਨਾਂਹ ਤਾਂ ਅਸੀਂ ਕੋਈ ਸਿਆਸੀ ਜਾਂ ਆਰਥਿਕ ਨਿੱਜੀ ਲਾਲਸਾ ਰੱਖੀ ਹੈ, ਨਾਂਹ ਹੀ ਕੋਈ ਧਾਰਮਿਕ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਖ਼ਾਹਿਸ਼ ਹੀ ਰੱਖੀ ਹੈ, ਨਾਂਹ ਹੀ ਕੋਈ ਪਦਵੀ ਜਾਂ ਅਹੁਦਾ ਲੈਣਾ ਹੈ ਤਾਂ ਫਿਰ ਅਸੀਂ ਆਪਾ ਗਾਲ ਕੇ “ਪੰਥਕ ਅਤੇ ਨਾਨਕਸ਼ਾਹੀ” ਪੈੜ ਤੇ ਕਿਉਂ ਤੁਰੀਏ? ਫੇਰ ਆਤਮਾ ਵਿਚੋਂ ਹੀ ਜਵਾਬ ਆਉਂਦਾ ਹੈ ‘ਮੇਰੇ ਲਈ ਕਿਉਂਕਿ ਮੇਰੀ ਸੰਤੁਸ਼ਟੀ, ਤਸੱਲੀ ਅਤੇ ਅਨੰਦ ਤੇ ਸੁੱਖ ਦਿੰਦੀ ਖ਼ੁਸ਼ੀ ਇਸੇ ਵਿਚ ਹੈ’। ਇਹੋ ਸ਼ਕਤੀ ਹੈ ਕਿ ਨਾਨਕ ਜੀ ਸਾਨੂੰ ਤੋਰੀ ਜਾ ਰਹੇ ਹਨ….
ਨਾਨਕ ਨਾਮ ਲੇਵਾ ਖ਼ਲਕਤ ਦੀ ਆਵਾਜ਼ ਦੀ ਕੌਮੀ ਤਾਂਘ ਅਤੇ ਨਾਨਕਸ਼ਾਹੀ ਰਾਸ਼ਟਰਵਾਦ ਦੇ ਹਲੀਮੀ ਰਾਜ ਦੀ ਸੰਪੂਰਨ ਕ੍ਰਾਂਤੀ ਹੈ “ਕੌਮੀ ਸੂਰਾ” ਅਜਿਹਾ ਅਸੀਂ ਅਹਿਦ ਲਿਆ ਹੈ। ਇਸ ਅਹਿਦ ਦੇ ਗਰਭ ਵਿਚੋਂ ਨਾਨਕਸ਼ਾਹੀ ਸਿਵਿਲਾਈਜੇਸ਼ਨ ਦੀ ਇੱਕ ਸੰਪੂਰਨ ਰਾਜਨੀਤਕ, ਸਮਾਜਿਕ, ਆਰਥਿਕ, ਪ੍ਰਬੰਧਕੀ ਪ੍ਰਣਾਲੀ ਦੇ ਵਿਧਾਨਿਕ, ਪ੍ਰਸ਼ਾਸਨਿਕ ਅਤੇ ਨਿਆਪਾਲਕ ਸੰਵਿਧਾਨਿਕ ਤੇ ਲੋਕਤੰਤਰੀ ਰੋਲ ਮਾਡਲ ਦਾ ਪ੍ਰਗਟਾਵਾ ਕਰਨ ਦਾ ਸੁਪਨਾ ਨਹੀਂ ਹਕੀਕੀ ਰਾਹ ਹੈ-ਕੌਮੀ ਸੂਰਾ। ਅਸੀਂ ਨਾਨਕਸ਼ਾਹੀ ਕਿਰਦਾਰ ਦੀ ਪਹਿਚਾਣ ਬਣਨ ਦੀ ਤਾਂਘ ਰੱਖਦੇ ਹਾਂ ਤੇ ਬਣ ਕੇ ਦਿਖਾਵਾਂਗੇ ਦਾ ਅਹਿਦ ਕਰਦੇ ਹਾਂ। ਇੰਜ ਤੁਹਾਡੀ ਸਹਾਇਤਾ ਨਾਲ ਨਾਨਕਸ਼ਾਹੀ ਪ੍ਰਣਾਲੀ ਦੇ ਸਰਬ ਪੱਖੀ ਸੰਵਿਧਾਨਿਕ ਅਤੇ ਲੋਕਤੰਤਰੀ ਗੁਣਤੰਤਰੀ ਗਣਰਾਜੀ ਰੋਲ ਮਾਡਲ ਨੇ ਸ਼ਾਂਤਮਈ ਢੰਗ ਨਾਲ ਕਲਮ ਅਤੇ ਸ਼ਬਦਾਂ ਦੀ ਕੁਦਰਤੀ ਐਟਮੀ ਸ਼ਕਤੀ ਵਿਚੋਂ ਆਣਵਿਕ ਜਨਮ ਲੈਣਾ ਹੈ।
ਨਾਗਰਿਕਤਾ ਵਿਚੋਂ ਗੁਣਵੰਤਾ ਦੇ ਗਣਰਾਜ ਵਾਸਤੇ, ਗੁਣਤੰਤਰੀ ਲੋਕਤੰਤਰ ਪ੍ਰਣਾਲੀ ਦਾ ਜਨਮ ਦਾਤਾ ਹੈ ਨਾਨਕ । ਜਿਸ ਦੀ ਸੰਸਾਰ ਵਿਆਪੀ ਸਰਕਾਰ ਦੇ ਹੁਕਮ ਦਾ ਵਰਤਾਰਾ ਹਲੀਮੀ ਰਾਜ ਦੇ ਬੇਗਮਪੁਰਾ ਸੰਕਲਪ ਵਿਚ ਸਰਬ ਸਾਂਝੀਵਾਲਤਾ ਵਾਲੀ ਸਰਬੱਤ ਦੇ ਭਲੇ (ਬਰਾਬਰਤਾ ਤੇ ਸਮਾਨਤਾ ਵਾਲੀ ਕਲਿਆਣਕਾਰੀ) ਦੀ ਨਾਨਕਸ਼ਾਹੀ ਸੱਤਾ ਦਾ ਲੋਹਗੜ੍ਹੀ ਹਕੀਕੀ ਪ੍ਰਗਟਾਵਾ ਹੈ। ਜਿੱਥੇ ਸਾਰੇ ਭੇਦ, ਵਿਤਕਰੇ, ਬਟਵਾਰੇ, ਜਾਤ, ਨਸਲ, ਮੁੱਕ ਜਾਂਦੇ ਹਨ। ਫ਼ਰਕ ਤਾਂ ਹੈ, ਬਹੁਤ ਵੱਡਾ ਫ਼ਰਕ ਹੈ; ਪਾਠਕ ਇਸ ਫ਼ਰਕ ਨੂੰ ਅੰਗੀਕਾਰ ਕਰਨ ਤਾਂ ਇਹ ਲਹਿਰ ਤੋਂ ਵੱਧ ਇੱਕ ਬਦਲ ਬਣ ਜਾਂਦਾ ਹੈ। ਆਓ ਸੰਸਾਰ ਨੂੰ ਉਸ ਘੜੀ ਜਦੋਂ ਉਹ ਤੜਪ ਰਿਹਾ ਹੈ ਰਿਸੈੱਟ ਹੋਣ ਲਈ ਅਸੀਂ ਮਿਲ ਕੇ ਨਾਨਕਸ਼ਾਹੀ ਬਦਲ ਦੇਈਏ।
ਇਸੇ ਹਿਤ ਸੇਵਾ ਵਿਚ ਹੈ ਕੌਮੀ ਸੂਰਾ-ਸੋਚ ਪੰਜਾਬ ਦੀ ਹਮੇਸ਼ਾ ਅੱਡਰੀ ਵਿਲੱਖਣ ਅਤੇ ਸੁਤੰਤਰ।
ਹੰਭਲਾ ਸਾਡਾ ਸਾਥ ਤੁਹਾਡਾ।
Qaumi Soora © Copyright. All Rights Reserved. Designed by Karan Panjaab
ਕੌਮੀ ਸੂਰਾ ਰਸਾਲਾ ਹਰ ਮਹੀਨੇ ਦੀ ੧ ਤਾਰੀਕ ਨੂੰ ਅੱਪਡੇਟ ਹੁੰਦਾ ਹੈ।